ਵਿਚਾਰ ਹੀ ਮਨੁੱਖ ਨੂੰ ਸੁਖੀ ਤੇ ਦੁਖੀ ਬਣਾਉਂਦੇ ਹਨ

ਜਲੰਧਰ— ਕਹਿੰਦੇ ਹਨ ਕਿ ਮਨੁੱਖ ਦੇ ਵਿਚਾਰ ਹੀ ਉਸ ਨੂੰ ਸੁਖੀ ਤੇ ਦੁਖੀ ਬਣਾਉਂਦੇ ਹਨ। ਇਸ ਲਈ ਜਿਸ ਮਨੁੱਖ ਦੇ ਵਿਚਾਰ ਉਸ ਦੇ ਕਾਬੂ 'ਚ ਹਨ, ਉਹ ਸੁਖੀ ਹੈ ਅਤੇ ਜਿਸ ਦੇ ਵਿਚਾਰ ਉਸ ਦੇ ਕਾਬੂ 'ਚ ਨਹੀਂ ਰਹਿੰਦੇ, ਉਹ ਹਮੇਸ਼ਾ ਦੁਖੀ ਰਹਿੰਦਾ ਹੈ। ਅਜਿਹਾ ਵਿਅਕਤੀ ਅਕਸਰ ਆਪਣੇ ਦੁੱਖ ਦਾ ਕਾਰਨ ਖੁਦ ਨੂੰ ਨਹੀਂ, ਕਿਸੇ ਵਿਅਕਤੀ, ਵਸਤੂ ਜਾਂ ਬਾਹਰਲੇ ਪਦਾਰਥ ਨੂੰ ਮੰਨਦਾ ਹੈ।
ਵਿਚਾਰਾਂ ਦੇ ਇਸ ਮੈਲੇਪਨ ਕਾਰਨ ਉਸ ਦੇ ਆਸ-ਪਾਸ ਦਾ ਮਾਹੌਲ ਵੀ ਗੰਧਲਾ ਹੋ ਜਾਂਦਾ ਹੈ ਅਤੇ ਦੋਸਤ ਵੀ ਦੁਸ਼ਮਣ ਬਣ ਜਾਂਦੇ ਹਨ। ਸਫਲਤਾ ਵੀ ਅਸਫਲਤਾ 'ਚ ਬਦਲ ਜਾਂਦੀ ਹੈ। ਮਨੋਰੋਗ ਮਾਹਿਰਾਂ ਅਨੁਸਾਰ ਅਜਿਹਾ ਚਿੰਤਨ ਜਿਸ ਦਾ ਕੋਈ ਉਦੇਸ਼ ਨਾ ਹੋਵੇ, ਜਿਸ ਨੂੰ ਕਰਨ ਨਾਲ ਸਿਵਾਏ ਤਣਾਅ ਦੇ ਕੋਈ ਸਾਰਥਕ ਨਤੀਜਾ ਸਾਹਮਣੇ ਨਾ ਆਵੇ, ਉਹ ਵਿਅਰਥ ਹੈ ਅਤੇ ਉਸੇ ਦਾ ਨਤੀਜਾ ਚਿੰਤਾ, ਤਣਾਅ, ਡਿਪ੍ਰੈਸ਼ਨ, ਬਲੱਡ ਪ੍ਰੈਸ਼ਰ, ਸਿਰਦਰਦ, ਬੇਚੈਨੀ, ਉਨੀਂਦਰੇ ਆਦਿ ਦੇ ਰੂਪ 'ਚ ਸਾਹਮਣੇ ਆਉਂਦਾ ਹੈ।
ਇਸ ਲਈ ਸਾਨੂੰ ਇਸ ਗੱਲ ਪ੍ਰਤੀ ਪੂਰੀ ਤਰ੍ਹਾਂ ਸਾਵਧਾਨ ਰਹਿਣਾ ਚਾਹੀਦਾ ਹੈ ਕਿ ਸਾਡੇ ਮਨ ਤੇ ਦਿਮਾਗ ਵਿਚ ਕਿਸ ਤਰ੍ਹਾਂ ਦੇ ਵਿਚਾਰ ਆ-ਜਾ ਰਹੇ ਹਨ, ਨਹੀਂ ਤਾਂ ਗੰਦੇ ਤੇ ਫਜ਼ੂਲ ਵਿਚਾਰ ਮਨ ਵਿਚ ਉੱਠ ਕੇ ਉਸੇ ਤਰ੍ਹਾਂ ਦੇ ਗੰਦੇ ਤੇ ਫਜ਼ੂਲ ਕੰਮਾਂ ਵਿਚ ਮਨੁੱਖ ਨੂੰ ਲਾ ਦਿੰਦੇ ਹਨ। ਅਜਿਹੇ ਵਿਚਾਰਾਂ ਨੂੰ ਰੋਕਣ ਅਤੇ ਕੱਢ ਕੇ ਸੁੱਟਣ 'ਚ ਸ਼ੁਰੂ ਵਿਚ ਤਾਂ ਸਾਨੂੰ ਮੁਸ਼ਕਿਲ ਹੋਵੇਗੀ ਪਰ ਥੋੜ੍ਹੇ ਜਿਹੇ ਅਭਿਆਸ ਨਾਲ ਇਹ ਕੰਮ ਆਸਾਨ ਹੋ ਜਾਂਦਾ ਹੈ।
ਕਿਹਾ ਜਾਂਦਾ ਹੈ ਕਿ ਆਤਮਾ ਦੇ ਕਮਜ਼ੋਰ ਹੋਣ ਦੇ 2 ਮੁੱਖ ਕਾਰਨ ਹਨ—ਇਕ ਜ਼ਿਆਦਾ ਬੋਲਣਾ ਅਤੇ ਦੂਜਾ ਜ਼ਿਆਦਾ ਸੋਚਣਾ। ਇਸ ਲਈ ਸਾਨੂੰ ਆਪਣੀ ਬੋਲੀ ਦੀ ਵਰਤੋਂ ਲੋੜ ਅਨੁਸਾਰ ਅਤੇ ਵਿਸ਼ਾ ਦੇਖ ਕੇ ਹੀ ਕਰਨੀ ਚਾਹੀਦੀ ਹੈ। ਇਸ ਦੇ ਨਾਲ ਹੀ ਸਾਨੂੰ ਵਿਅਰਥ ਦੇ ਚਿੰਤਨ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਸ਼ੁੱਭ ਸੰਕਲਪਾਂ ਦੀ ਰਫਤਾਰ ਵਧਾਉਣੀ ਚਾਹੀਦੀ ਹੈ। ਜਦੋਂ ਅਸੀਂ ਸੰਕਲਪਾਂ ਨੂੰ ਸ੍ਰੇਸ਼ਠ ਤੇ ਸ਼ਕਤੀਸ਼ਾਲੀ ਬਣਾ ਲਵਾਂਗੇ ਤਾਂ ਸਾਡੇ ਕਰਮ ਵੀ ਆਪਣੇ-ਆਪ ਸ੍ਰੇਸ਼ਠ ਬਣ ਜਾਣਗੇ।

Post a Comment

0 Comments